ਸ਼ਾਹਕੋਟ ਇਲਾਕੇ 'ਚ ਚੱਲਦੇ ਦੋ ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ’ਤੇ ਛਾਪਾ ਮਾਰ ਕੇ 76 ਵਿਅਕਤੀਆਂ ਨੂੰ ਛੁਡਵਾਇਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. (ਜਲੰਧਰ ਦਿਹਾਤੀ) ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ 'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਵਚਨਬੱਧਤਾ ਦੁਹਰਾਈ
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦੀਆਂ ਹਦਾਇਤਾਂ ’ਤੇ ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿੰਡ ਢੰਡਵਾਲ (ਥਾਣਾ ਸ਼ਾਹਕੋਟ) ਦੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੋਂ 47, ਪਿੰਡ ਬਾਜਵਾ ਕਲਾਂ ਦੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੋਂ 29 ਵਿਅਕਤੀਆਂ ਨੂੰ ਛੁਡਵਾਇਆ ਗਿਆ।
ਸੰਚਾਲਕਾਂ ਖਿਲਾਫ ਮੁੱਕਦਮੇ ਦਰਜ ਕਰ ਲਏ ਗਏ ਹਨ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਮਸ਼ੇਰ ਅਤੇ ਸਮਰਾਏ ਵਿਖੇ ਚਲਾਏ ਜਾ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ’ਤੇ ਵੀ ਸਖਤ ਕਾਰਵਾਈ ਕਰਦਿਆਂ 137 ਵਿਅਕਤੀਆਂ ਨੂੰ ਛੁਡਵਾਇਆ ਗਿਆ ਸੀ।
ਸ਼ਾਹਕੋਟ ਦੀ ਕਾਰਵਾਈ ਐਸ.ਪੀ. (ਤਫ਼ਤੀਸ਼) ਸ਼੍ਰੀ ਸਰਬਜੀਤ ਰਾਏ ਦੀ ਅਗਵਾਈ ਵਿੱਚ ਡੀ.ਐਸ.ਪੀ. ਸ਼ਾਹਕੋਟ ਸ਼੍ਰੀ ਉਂਕਾਰ ਸਿੰਘ ਬਰਾੜ, ਤਹਿਸੀਲਦਾਰ ਸ਼੍ਰੀ ਹਰਮਿੰਦਰ ਸਿੰਘ ਸਿੱਧੂ ਅਤੇ ਐਸ.ਐਮ.ਓ. ਸ਼੍ਰੀ ਚੰਦਰ ਦੀਪਕ ਦੀ ਟੀਮ ਵਲੋਂ ਕੀਤੀ ਗਈ।
0 Comments